ਖੇਤੀਬਾੜੀ
ਕੈਨੇਡਾ ਦਾ ਮੁੱਖ ਖੇਤੀਬਾੜੀ ਖੇਤਰ, ਕੈਨੇਡਾ ਦੀ ਅਰਥ-ਵਿਵਸਥਾ ਅਤੇ ਅੰਤਰਰਾਸ਼ਟਰੀ ਵਪਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ। ਕੈਨੇਡਾ ਦੇ ਕਿਸਾਨ ਬਹੁਤ ਸਾਰੀਆਂ ਕਿਸਮਾਂ ਦੀਆਂ ਫਸਲਾਂ ਉਗਾਉਂਦੇ ਹਨ (ਅਨਾਜ, ਤੇਲਾਂ ਦੇ ਬੀਜ, ਬਾਗਬਾਨੀ ਉਤਪਾਦ, ਦਾਲਾਂ ਅਤੇ ਵਿਸ਼ੇਸ਼ ਫਸਲਾਂ), ਜਾਨਵਰਾਂ ਤੋਂ ਮਿਲਣ ਵਾਲੇ ਉਤਪਾਦਾਂ (ਗਾਂ ਦਾ ਮਾਸ, ਸੂਰ ਦਾ ਮਾਸ, ਡੇਅਰੀ ਉਤਪਾਦ, ਮਾਸ ਅਤੇ ਅੰਡੇ ਦੇਣ ਵਾਲੇ ਜਾਨਵਰ ਅਤੇ ਅੰਡੇ) ਨੂੰ ਪੈਦਾ ਕਰਦੇ ਹਨ ਅਤੇ ਪਾਣੀ ਵਿੱਚ ਉਤਪਨ ਹੋਣ ਵਾਲੇ ਉਤਪਾਦ (ਸਾਲਮੋਨ, ਸ਼ੈਲਫਿਸ਼) ਪੈਦਾ ਕਰਦੇ ਹਨ।
ਨਵੀਆਂ ਤਕਨਾਲੋਜੀਆਂ ਅਤੇ ਉਪਭੋਗਤਾਵਾਂ ਦੀਆਂ ਬਦਲਦੀਆਂ ਲੋੜਾਂ ਦੇ ਮੱਦੇ ਨਜ਼ਰ, ਇਸ ਖੇਤਰ ਵਿੱਚ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ। ਇਸਦੇ ਉਥਾਨ ਦਾ ਅਜੇ ਵੀ ਭੋਜਨ ਸੁਰੱਖਿਆ, ਪੌਦਿਆਂ ਦੀ ਸਿਹਤ ਅਤੇ ਵਾਤਾਵਰਣਕ ਅਧਿਨਿਯਮਾਂ ਤੋਂ ਅਤੇ ਨਾਲ ਹੀ ਪੌਦਿਆਂ ਅਤੇ ਜਾਨਵਰਾਂ ਦੇ ਉਤਪਾਦਨ ਦੀਆਂ ਨਵੀਆਂ ਵਿਧੀਆਂ ਅਤੇ ਉੱਚ ਤਕਨੀਕੀ ਸਾਜੋ ਸਾਮਾਨ ਤੋਂ ਬੇਹੱਦ ਪ੍ਰਭਾਵਿਤ ਹੋਣਾ ਜਾਰੀ ਹੈ।
ਇਹ ਖੇਤਰ ਲਗਾਤਾਰ ਆਪਣੇ ਆਪ ਨੂੰ ਢਾਲ ਰਿਹਾ ਹੈ ਤਾਂ ਕਿ ਇਹ ਮੁਕਾਬਲੇ ਦਾ ਬਣਿਆ ਰਹਿ ਸਕੇ ਅਤੇ ਅਜੋਕੇ ਵਿਸ਼ਵ ਬਾਜ਼ਾਰਾਂ ਵਿੱਚ ਵਧਣਾ ਫੁੱਲਣਾ ਜਾਰੀ ਰੱਖ ਸਕੇ। ਕੈਨੇਡਾ ਆਪਣੇ ਵੱਲੋਂ ਪੈਦਾ ਕੀਤੇ ਜਾਣ ਵਾਲੇ ਲੱਗਭਗ ਅੱਧੇ ਭੋਜਨ ਦਾ ਨਿਰਯਾਤ ਕਰਦਾ ਹੈ ਅਤੇ ਆਪਣੇ ਵੱਲੋਂ ਖਪਤ ਕੀਤੇ ਜਾਣ ਵਾਲੇ ਲੱਗਭਗ ਅੱਧੇ ਭੋਜਨ ਦਾ ਆਯਾਤ ਕਰਦਾ ਹੈ – ਇਸ ਤਰਾਂ ਇਹ ਸੰਸਾਰ ਦੇ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਖੇਤੀਬਾੜੀ ਵਪਾਰ 'ਤੇ ਵਧੇਰੇ ਨਿਰਭਰ ਹਨ।
ਖੇਤੀਬਾੜੀ ਵਿੱਚ ਕੰਮ ਕਰਨਾ
ਉਤਪਾਦਨ ਦੀ ਕਿਸਮ ਅਤੇ ਭੂਗੋਲਿਕ ਸਥਿਤੀ ‘ਤੇ ਨਿਰਭਰ ਕਰਦੇ ਹੋਏ, ਸਾਰੇ ਦੇਸ਼ ਵਿੱਚ ਖੇਤਾਂ ਦੇ ਆਕਾਰ ਭਿੰਨ ਭਿੰਨ ਹਨ।
ਰੁਜ਼ਗਾਰਦਾਤਾਵਾਂ ਵਿੱਚ ਸ਼ਾਮਲ ਹਨ ਮੁੱਖ ਤੌਰ ‘ਤੇ ਖੇਤੀਬਾੜੀ ਦਾ ਕਾਰਜ ਕਰਨ ਵਾਲੇ ਅਤੇ ਸਹਾਇਤਾ ਸੇਵਾ ਪ੍ਰਦਾਨ ਕਰਨ ਵਾਲੇ।
ਮੁੱਖ ਕਿੱਤਿਆਂ ਵਿੱਚ ਸ਼ਾਮਲ ਹਨ:
ਖੇਤੀਬਾੜੀ ਉਤਪਾਦਨ: ਕਿਸਾਨ ਅਤੇ ਖੇਤ ਪ੍ਰਬੰਧਕ, ਨਰਸਰੀ ਅਤੇ ਗਰੀਨਹਾਊਸ ਉਗਾਉਣ ਵਾਲੇ ਅਤੇ ਕਾਮੇ, ਖੇਤ ਨਿਗਰਾਨ ਅਤੇ ਮਜ਼ਦੂਰ, ਅਤੇ ਪਸ਼ੂਆਂ ਨਾਲ ਕੰਮ ਕਰਨ ਵਾਲੇ ਕਾਮੇ
ਖੇਤ ਖੋਜ ਅਤੇ ਸਹਾਇਤਾ ਸੇਵਾਵਾ: ਖੇਤ ਪ੍ਰਬੰਧਨ ਸਬੰਧੀ ਸਲਾਹਕਾਰ, ਮਿੱਟੀ ਅਤੇ ਫਸਲਾਂ ਦੇ ਮਾਹਿਰ, ਪਸ਼ੂਆਂ ਅਤੇ ਅੰਡੇ ਦੇਣ ਵਾਲੇ ਪੰਛੀਆਂ ਦੇ ਮਾਹਿਰ, ਜਾਨਵਰਾਂ ਦੇ ਡਾਕਟਰ, ਖੇਤੀਬਾੜੀ ਵਿਗਿਆਨੀ, ਅਤੇ ਖੇਤੀਬਾੜੀ ਮਾਹਿਰ।
ਮੁਹਾਰਤਾਂ ਅਤੇ ਸਿਖਲਾਈ
ਹਾਲਾਂਕਿ ਬਹੁਤ ਸਾਰੇ ਮੁੱਖ ਖੇਤੀਬਾੜੀ ਕਿੱਤਿਆਂ ਵਾਸਤੇ ਹਾਈ ਸਕੂਲ ਸਿੱਖਿਆ ਤੋਂ ਵਧੇਰੇ ਸਿੱਖਿਆ ਦੀ ਲੋੜ ਨਹੀਂ ਹੈ, ਫਿਰ ਵੀ ਬਹੁਤ ਸਾਰੇ ਵਿਸ਼ਿਆਂ ਵਿੱਚ ਸਿੱਖਿਆ ਸਬੰਧੀ ਅਤੇ ਸਿਖਲਾਈ ਪ੍ਰੋਗਰਾਮ ਉਪਲਬਧ ਹਨ। ਕੁਝ ਕੁ ਮਾਲਕ ਖੇਤੀਬਾੜੀ ਦੇ ਸੀਮਤ ਤਜ਼ਰਬੇ ਵਾਲੇ ਕਾਮਿਆਂ ਨੂੰ ਵੀ ਰੱਖ ਲੈਂਦੇ ਹਨ ਅਤੇ ਕੰਮ ਦੇ ਦੌਰਾਨ ਹੀ ਸਿਖਲਾਈ ਦਿੰਦੇ ਹਨ। ਸੰਭਾਵਿਤ ਕਰਮਚਾਰੀਆਂ ਨੂੰ ਖੇਤੀਬਾੜੀ ਵਿੱਚ ਦਿਲਚਸਪੀ ਰੱਖਣ ਦੀ ਅਤੇ ਚਾਰਦੀਵਾਰੀ ਤੋਂ ਬਾਹਰ ਕੰਮ ਕਰਨ ਦੀ ਲੋੜ ਹੋਵੇਗੀ। ਮਸ਼ੀਨ-ਵਿਗਿਆਨ ਅਤੇ ਕੰਪਿਊਟਰਾਂ ਦੀ ਜਾਣਕਾਰੀ ਲਾਭਦਾਇਕ ਹੈ। ਨਿਗਰਾਨੀ ਅਤੇ ਖੇਤ ਪ੍ਰਬੰਧਨ ਦੀਆਂ ਪਦਵੀਆਂ ਤੱਕ ਤਰੱਕੀ ਕਰਨ ਵਾਸਤੇ ਸੰਬੰਧਿਤ ਸਿੱਖਿਆ ਅਤੇ ਨਾਲ ਹੀ ਖੇਤ ਵਿੱਚ ਕੰਮ ਕਰਨ ਦੇ ਤਜ਼ਰਬੇ ਦੀ ਲੋੜ ਪੈ ਸਕਦੀ ਹੈ।
ਸਾਰੇ ਦੇਸ਼ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਖੇਤੀਬਾੜੀ, ਪੌਦਾ ਵਿਗਿਆਨ, ਜਾਨਵਰ ਵਿਗਿਆਨ, ਫਸਲਾਂ ਅਤੇ ਪਸ਼ੂਆਂ ਦੇ ਉਤਪਾਦਨ, ਇੰਜੀਨੀਅਰਿੰਗ, ਖੇਤੀਬਾੜੀ-ਕਾਰੋਬਾਰ ਪ੍ਰਬੰਧਨ ਅਤੇ ਸਬੰਧਿਤ ਖੇਤਰਾਂ ਵਿੱਚ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕਰਦੇ ਹਨ। ਕਾਰਜ-ਸਿਖਲਾਈਆਂ ਵੀ ਬਹੁਤ ਸਾਰੇ ਕਿੱਤਿਆਂ ਵਾਸਤੇ ਉਪਲਬਧ ਹਨ (ਫਲ਼ ਉਗਾਉਣ ਵਾਲੇ, ਦੁਧਾਰੂ ਪਸ਼ੂ ਚਾਰਨ ਵਾਲੇ, ਸਾਜੋ ਸਾਮਾਨ ਦੇ ਤਕਨੀਸ਼ੀਅਨ ਆਦਿ)।