ਮੱਛੀਆਂ ਫੜ੍ਹਨਾ
ਕੈਨੇਡਾ ਕੋਲ ਵਿਸ਼ਵ ਦੇ ਸਭ ਤੋਂ ਵੱਧ ਮੁੱਲਵਾਨ ਵਪਾਰਕ ਮੱਛੀਆਂ ਫੜ੍ਹਨ ਦੇ ਉਦਯੋਗਾਂ ਵਿੱਚੋਂ ਇੱਕ ਹੈ। ਗੈਰ-ਪਾਲਤੂ ਮੱਛੀਆਂ ਫੜ੍ਹਨਾ (ਜਿਸ ਵਿੱਚ ਸ਼ੈੱਲਫਿਸ਼ ਨੂੰ ਫੜ੍ਹਨਾ ਵੀ ਸ਼ਾਮਲ ਹੈ) ਕੈਨੇਡਾ ਵਿੱਚ ਮੱਛੀ ਅਤੇ ਸਮੁੰਦਰੀ ਭੋਜਨ ਦੇ ਉਤਪਾਦਨ ਦੇ ਲੱਗਭਗ ਤਿੰਨ ਚੌਥਾਈ ਦੇ ਬਰਾਬਰ ਹੈ।
ਮੱਛੀਆਂ ਫੜ੍ਹਨ ਦਾ ਉਦਯੋਗ, ਮੱਛੀ ਦੇ ਉਤਪਾਦਾਂ ਲਈ ਬਦਲ ਰਹੀ ਮੰਗ, ਮੱਛੀਆਂ ਫੜ੍ਹਨ ਦੇ ਲਾਇਸੈਂਸਾਂ ਦੇ ਖ਼ਰਚਿਆਂ ਅਤੇ ਕੋਟਿਆਂ, ਅਤੇ ਮੱਛੀਆਂ ਦੇ ਵਧਦੇ ਘਟਦੇ ਸਟਾਕਾਂ ਦੇ ਹੁੰਗਾਰੇ ਵਜੋਂ ਤੇਜ਼ੀ ਨਾਲ ਉਪਜਦਾ ਆ ਰਿਹਾ ਹੈ।
ਮੱਛੀਆਂ ਫੜ੍ਹਨ ਦੇ ਧੰਦੇ ਵਿੱਚ ਕੰਮ ਕਰਨਾ
ਮੱਛੀਆਂ ਫੜ੍ਹਨਾ, ਮੱਛੀਆਂ ਫੜ੍ਹਨ ਲਈ ਬਣੇ ਬੇੜਿਆਂ ‘ਤੇ ਵਾਪਰਦਾ ਹੈ ਜਿਵੇਂ ਕਿ ਲੌਂਗਲਾਈਨਰ, ਡਰੈਗਰ/ਟਰਾਊਲਰ, ਗਿੱਲਨੈੱਟਰ, ਸੀਨਰਜ ਅਤੇ ਝੀਂਗਾ ਕਿਸ਼ਤੀਆਂ। ਇਹ ਕਾਰਜ ਮੌਸਮੀ ਹੈ, ਸਰੀਰਕ ਤੌਰ 'ਤੇ ਚੂਰ ਕਰਕੇ ਰੱਖ ਦੇਣ ਵਾਲਾ ਹੈ, ਅਤੇ ਇਸ ਵਿੱਚ ਹਰ ਕਿਸਮ ਦੇ ਮੌਸਮ ਵਿੱਚ ਲੰਬੇ ਅਤੇ ਗੈਰ-ਨਿਯਮਬੱਧ ਸਮਿਆਂ ਵਿੱਚ ਕੰਮ ਕਰਨਾ ਸ਼ਾਮਲ ਹੈ। ਕਿਸੇ ਵੀ ਬੇੜੇ 'ਤੇ ਕੰਮ ਕਰਦੇ ਕਾਮਿਆਂ ਨੂੰ ਅਕਸਰ ਫੜ੍ਹੀਆਂ ਗਈਆਂ ਮੱਛੀਆਂ ਵਿੱਚੋਂ ਹਿੱਸਾ ਦਿੱਤਾ ਜਾਂਦਾ ਹੈ।
ਮੱਛੀਆਂ ਫੜ੍ਹਨ ਵਾਲੇ ਬਹੁਤ ਸਾਰੇ ਲੋਕ ਮਾਲਕ/ਚਾਲਕ ਹਨ: ਉਹ ਆਪਣੀਆਂ ਕਿਸ਼ਤੀਆਂ ਦੇ ਖੁਦ ਮਾਲਕ ਹੁੰਦੇ ਹਨ ਅਤੇ ਇਹਨਾਂ ਨੂੰ ਖੁਦ ਹੀ ਚਲਾਉਂਦੇ ਹਨ ਅਤੇ ਆਪਣੇ ਮੱਛੀਆਂ ਦੇ ਕਾਰੋਬਾਰਾਂ ਦਾ ਖੁਦ ਹੀ ਪ੍ਰਬੰਧਨ ਕਰਦੇ ਹਨ। ਉਹਨਾਂ ਦੇ ਕੰਮ ਵਿੱਚ ਸ਼ਾਮਲ ਹੁੰਦਾ ਹੈ ਬੇੜੇ ਅਤੇ ਮੱਛੀਆਂ ਫੜ੍ਹਨ ਦੇ ਸਾਜੋ ਸਾਮਾਨ ਨੂੰ ਚਲਾਉਣਾ ਅਤੇ ਇਹਨਾਂ ਦਾ ਰੱਖ-ਰਖਾਵ ਕਰਨਾ, ਮੱਛੀਆਂ ਫੜ੍ਹਨ ਦੀਆਂ ਕਾਰਵਾਈਆਂ ਦੀ ਯੋਜਨਾ ਬਣਾਉਣਾ ਅਤੇ ਦਿਸ਼ਾ ਨਿਰਦੇਸ਼ ਦੇਣਾ, ਚਾਲਕ ਦਲ ਦੇ ਮੈਂਬਰਾਂ ਦੀ ਨਿਗਰਾਨੀ ਕਰਨੀ, ਅਤੇ ਕਾਰੋਬਾਰੀ ਆਪਰੇਸ਼ਨਾਂ ਦਾ ਪ੍ਰਬੰਧਨ ਕਰਨਾ (ਲਾਇਸੈਂਸ ਪ੍ਰਾਪਤ ਕਰਨੇ, ਮੱਛੀਆਂ ਦੀ ਮਾਰਕਿਟਿੰਗ ਕਰਨਾ, ਯੋਜਨਾਬੰਦੀ ਅਤੇ ਬਜਟ ਬਣਾਉਣਾ)।
ਕਪਤਾਨ ਆਮ ਤੌਰ 'ਤੇ ਮੱਛੀਆਂ ਫੜ੍ਹਨ ਵਾਲੀਆਂ ਵੱਡੀਆਂ ਕਿਸ਼ਤੀਆਂ 'ਤੇ ਭਾੜੇ ਦੇ ਪੇਸ਼ੇਵਰਾਂ ਵਜੋਂ ਰੱਖੇ ਜਾਂਦੇ ਹਨ। ਉਹਨਾਂ ਦਾ ਕੰਮ ਮਾਲਕ/ਚਾਲਕ ਵਰਗਾ ਹੀ ਹੁੰਦਾ ਹੈ ਪਰ ਉਹ ਪੂਰੀ ਤਰਾਂ ਮੱਛੀਆਂ ਫੜ੍ਹਨ ‘ਤੇ ਹੀ ਧਿਆਨ ਕੇਂਦਰਤ ਕਰਦਾ ਹੈ ਨਾ ਕਿ ਕਾਰੋਬਾਰੀ ਕਰੱਤਵਾਂ ‘ਤੇ।
ਡੈੱਕਹੈਂਡਜ ਸਾਜੋ ਸਾਮਾਨ ਨੂੰ ਸੈੱਟ ਕਰਦੇ ਅਤੇ ਖਿੱਚ੍ਹਦੇ ਹਨ, ਮੱਛੀਆਂ ਨੂੰ ਸਾਫ ਕਰਦੇ ਜਾਂ ਸਟੋਰ ਕਰਦੇ ਹਨ, ਵੀਲ੍ਹ-ਹਾਊਸ ਵਿੱਚ ਵਾਰੀ ਲਾਉਂਦੇ ਹਨ ਅਤੇ ਇੰਜਣਾਂ ਅਤੇ ਹੋਰ ਮਸ਼ੀਨਰੀ ਨੂੰ ਚਲਾਉਂਦੇ ਹਨ। ਬੋਸਨਜ ਜਾਂ ਟਰਾਊਲਰਮੈਨਜ਼ (ਜੋ ਆਮ ਤੌਰ ‘ਤੇ ਵੱਡੀਆਂ ਕਿਸ਼ਤੀਆਂ 'ਤੇ ਪਾਏ ਜਾਂਦੇ ਹਨ) ਦੇ ਕੰਮ ਵੀ ਇਹੋ ਜਿਹੇ ਹੀ ਹੁੰਦੇ ਹਨ ਪਰ ਉਹਨਾਂ ਦੀ ਕੁਝ ਨਿਗਰਾਨੀ ਦੀ ਜਿੰਮੇਵਾਰੀ ਵੀ ਹੁੰਦੀ ਹੈ। ਇੰਜੀਨੀਅਰ ਜਾਂ ਰਸੋਈਏ ਵੀ ਵੱਡੀਆਂ ਕਿਸ਼ਤੀਆਂ 'ਤੇ ਮਿਲ ਸਕਦੇ ਹਨ।
ਮੱਛੀਆਂ ਫੜ੍ਹਨ ਦਾ ਕੰਮ ਮੌਸਮੀ ਹੈ। ਜਦੋਂ ਮੌਸਮ ਨਾ ਹੋਵੇ ਤਾਂ ਮੱਛੀਆਂ ਫੜ੍ਹਨ ਵਾਲੇ ਉਸਾਰੀ ਦੇ ਕੰਮ ਕਰਕੇ, ਕਿਸ਼ਤੀ ਨਿਰਮਾਣ ਕਰਕੇ, ਭੋਜਨ ਦੀ ਸੁਧਾਈ ਕਰਕੇ, ਅਤੇ ਟੱਗ-ਕਿਸ਼ਤੀਆਂ, ਯਾਤਰੂ ਕਿਸ਼ਤੀਆਂ, ਅਤੇ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦੇ ਸਥਾਨਾਂ 'ਤੇ ਹੋਰਨਾਂ ਕਿੱਤਿਆਂ ਵਿੱਚ ਕੰਮ ਕਰਕੇ ਆਪਣੀਆਂ ਮੁਹਾਰਤਾਂ ਦੀ ਵਰਤੋਂ ਕਰ ਸਕਦੇ ਹਨ।
ਮੁਹਾਰਤਾਂ ਅਤੇ ਸਿਖਲਾਈ
ਜ਼ਿਆਦਾਤਰ ਮੱਛੀਆਂ ਫੜ੍ਹਨ ਵਾਲੇ, ਡੈੱਕਹੈਂਡਜ਼ ਵਜੋਂ ਕੰਮ ਕਰਨਾ ਸ਼ੁਰੂ ਕਰਦੇ ਹਨ। ਵਧੀਕ ਸਿਖਲਾਈ, ਤਜ਼ਰਬੇ, ਅਤੇ ਲਾਇਸੈਂਸ ਲੈਣ ਨਾਲ, ਹੋਰਨਾਂ ਪਦਵੀਆਂ ਤੱਕ ਪਹੁੰਚਣਾ ਸੰਭਵ ਹੈ।
ਰਵਾਇਤੀ ਤੌਰ ‘ਤੇ, ਜ਼ਿਆਦਾਤਰ ਮੱਛੀਆਂ ਫੜ੍ਹਨ ਵਾਲਿਆਂ ਨੇ ਆਪਣਾ ਕਿੱਤਾ ਪਰਿਵਾਰ ਵਿੱਚ ਕੰਮ ਕਰਦੇ ਹੋਏ ਜਾਂ ਭਾਈਚਾਰਕ ਮਲਕੀਅਤ ਵਾਲੇ ਉਦਯੋਗਾਂ ਵਿੱਚ ਸਿੱਖਿਆ ਹੈ। ਅੱਜਕੱਲ੍ਹ, ਭਾਈਚਾਰਕ ਕਾਲਜ, ਯੂਨੀਵਰਸਿਟੀਆਂ ਅਤੇ ਵਿਸ਼ੇਸ਼ ਪ੍ਰੋਗਰਾਮ ਮੱਛੀਆਂ ਫੜ੍ਹਨ ਦੇ ਤਕਨੀਕੀ ਅਤੇ ਕਾਰੋਬਾਰੀ ਪੱਖਾਂ ਵਿੱਚ ਰਸਮੀ ਸਿਖਲਾਈ ਦੀ ਪੇਸ਼ਕਸ਼ ਕਰਦੇ ਹਨ। ਇਸ ਰਸਮੀ ਸਿਖਲਾਈ ਦੀ ਸੰਪੂਰਤੀ ਲਈ , ਕੰਮ ਕਰਦੇ ਹੋਏ ਸਿਖਲਾਈ ਲੈਣਾ ਫੇਰ ਵੀ ਮਹੱਤਵਪੂਰਨ ਹੈ। ਕੁਝ ਕੁ ਸੂਬਿਆਂ ਵਿੱਚ ਪੇਸ਼ੇਵਰਾਨਾ ਪ੍ਰਮਾਣਿਕਤਾ ਚਾਲੂ ਹੈ।