ਜੰਗਲ ਦੇ ਉਤਪਾਦ
ਜੰਗਲੀ ਉਤਪਾਦਾਂ ਦਾ ਉਦਯੋਗ ਕੈਨੇਡਾ ਦੇ ਮੁੱਖ ਉਦਯੋਗਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੇ ਸਭ ਤੋਂ ਵੱਡੇ ਮਾਲਕਾਂ ਵਿੱਚ ਆਉਂਦਾ ਹੈ ਅਤੇ ਸੈਂਕੜੇ ਸਮੁਦਾਇਆਂ ਵਿੱਚ ਕੰਮ ਕਰਦਾ ਹੈ। ਇਹ ਖੇਤਰ ਕੈਨੇਡਾ ਦਾ ਕੁਝ ਅਰਥਾਂ ਵਿੱਚ ਅਸਲੀ ਹਰਿਆਲੀ ਵਾਲੇ ਉਦਯੋਗਾਂ ਵਿੱਚੋਂ ਇੱਕ ਹੈ ਅਤੇ ਵਾਤਾਵਰਣਕ ਸੰਭਾਲ ਲਈ ਵਚਨਬੱਧ ਹੈ।
ਇਸ ਉਦਯੋਗ ਵਿੱਚ ਅਜਿਹੇ ਕਾਰੋਬਾਰ ਸ਼ਾਮਲ ਹਨ ਜੋ ਜੰਗਲੀ ਦਰਖਤਾਂ ਦੀ ਖੇਤੀ, ਲਕੜੀ ਦੇ ਕੁੰਦੇ ਬਣਾਉਣ, ਅਤੇ ਇਮਾਰਤੀ ਲਕੜੀ, ਬੋਰਡ ਅਤੇ ਫੱਟੀਆਂ ਅਤੇ ਗੁੱਦਾ ਅਤੇ ਕਾਗਜ਼ ਦੇ ਉਤਪਾਦਨ ਦਾ ਕੰਮ-ਕਾਜ ਚਲਾਉਂਦੇ ਹਨ। ਇਸ ਵਿੱਚ ਇਸ ਨਾਲ ਸੰਬੰਧਤ ਦੂਜੇ ਕੰਮ ਵੀ ਸ਼ਾਮਲ ਹੁੰਦੇ ਹਨ ਜਿਵੇਂ ਕਿ ਜੰਗਲਾਤ ਦੇ ਸਾਜ਼ੋ-ਸਮਾਨ ਦੇ ਸਪਲਾਇਰ।
ਜਦ ਕਿ ਇਹ ਉਦਯੋਗ ਇਸ ਵੇਲੇ ਸੰਕਟ ਨਾਲ ਜੂਝ ਰਿਹਾ ਹੈ, ਇਹ ਆਰਥਿਕ ਸਥਿਤੀਆਂ ਵਿੱਚ ਸੁਧਾਰ ਹੋਣ ਦੇ ਨਾਲ ਭਵਿੱਖ ਵਿੱਚ ਕੈਨੇਡਾ ਦੇ ਲਕੜੀ ਉਤਪਾਦਾਂ ਦੀ ਮੁੜ ਨਵਿਆਈ ਮੰਗ ਦੀ ਸੰਭਾਵਨਾ ਦੀ ਵੀ ਉਮੀਦ ਕਰ ਰਿਹਾ ਹੈ।
ਹਾਲੀਆ ਖੋਜਾਂ ਨੇ ਇੱਕ ਦਰਖਤ ਤੋਂ ਵਧੇਰੇ ਕਾਰਜਕੁਸ਼ਲਤਾ ਨਾਲ ਵਧੇਰੇ ਉਤਪਾਦ ਬਣਾਉਣੇ ਸੰਭਵ ਕਰ ਦਿੱਤੇ ਹਨ, ਅਤੇ ਪ੍ਰਕਿਰਿਆ ਦੀ ਰਹਿੰਦ-ਖੂੰਹਦ ਨੂੰ ਹੋਰਨਾ ਪਦਾਰਥਾਂ ਜਾਂ ਬਾਇਓਮਾਸ ਬਾਲਣ ਦੇ ਤੌਰ 'ਤੇ ਇਸਤੇਮਾਲ ਸੰਭਵ ਕਰ ਦਿੱਤਾ ਹੈ।
ਜੰਗਲ ਉਤਪਾਦਾਂ ਦੇ ਉਦਯੋਗ ਵਿੱਚ ਕੰਮ ਕਰਨਾ
ਉਦਯੋਗ ਮਜ਼ਦੂਰਾਂ, ਮਹਾਰਤ ਪ੍ਰਾਪਤ ਕਿੱਤਾਕਾਰ ਵਿਅਕਤੀਆਂ, ਪੇਸ਼ੇਵਰਾਂ, ਅਤੇ ਕੁਦਰਤੀ ਅਤੇ ਅਪਲਾਇਡ ਸਾਇੰਸਾਂ, ਜਾਂ ਕਾਰੋਬਾਰ, ਵਿੱਤ, ਪ੍ਰਸ਼ਾਸਨ ਅਤੇ ਪ੍ਰਬੰਧਨ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਲਈ ਕਈ ਕਰੀਅਰ ਦੇ ਕਈ ਰਸਤੇ ਅਤੇ ਬਹੁਤ ਵੱਖ-ਵੱਖ ਕਿਸਮ ਦੇ ਮੌਕੇ ਪੇਸ਼ ਕਰਦਾ ਹੈ।
ਕੰਮ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ ਅਤੇ ਇਸ ਵਿੱਚ ਚਾਰਦਿਵਾਰੀ ਤੋਂ ਬਾਹਰ, ਪਿੰਡਾਂ ਅਤੇ ਦੂਰ-ਦੂਰਾਡੇ ਦੇ ਸਮੁਦਾਇਆਂ ਵਿੱਚ, ਲੈਬਾਰਟਰੀਆਂ ਵਿੱਚ, ਜਾਂ ਕਾਗਜ਼ ਮਿਲਾਂ ਵਿੱਚ ਜਾਂ ਕੰਪਿਊਟਰ ਦੇ ਕੰਟਰੋਲ ਨਾਲ ਚਲਣ ਵਾਲੀਆਂ ਲਕੜੀ ਕੱਟਣ ਵਾਲੀਆਂ ਮਿਲਾਂ ਵਿੱਚ ਕੰਮ ਕਰਨਾ ਸ਼ਾਮਲ ਹੁੰਦਾ ਹੈ।
ਆਮ ਪੇਸ਼ਿਆਂ ਵਿੱਚ ਸ਼ਾਮਲ ਹਨ:
ਜੰਗਲਾਤ ਪੇਸ਼ੇਵਰ: ਜਲ ਵਿਭਾਜਨ ਪ੍ਰਬੰਧਨ ਯੋਜਨਾਕਾਰ, ਜੰਗਲੀ ਵਾਤਾਵਰਣ ਮਾਹਰ, ਖੋਜਕਾਰ, ਪਾਲਣਾ ਅਤੇ ਲਾਗੂ ਕਰਨ ਵਾਲੇ ਕੋਆਰਡੀਨੇਟਰ, ਏਕੀਕ੍ਰਿਤ ਵਸੀਲਿਆਂ ਦੇ ਪ੍ਰਬੰਧਨ ਅਧਿਕਾਰੀ
ਜੰਗਲਾਤ ਦੇ ਟੈਕਨੌਲੋਜਿਸਟ ਅਤੇ ਟੈਕਨੀਸ਼ੀਅਨ: ਜੰਗਲਾਤ ਦਾ ਅਮਲਾ; ਜੰਗਲੀ ਦਰਖਤਾਂ ਦੀ ਖੇਤੀਬਾੜੀ, ਵਾਤਾਵਰਣਕ ਜਾਂ ਦਰੱਖਤ ਲਗਾਉਣ ਵਾਲੇ ਟੈਕਨੌਲੋਜਿਸਟ
ਮਸ਼ੀਨ ਆਪਰੇਟਰ ਅਤੇ ਕੰਟਰੋਲ ਆਪਰੇਟਰ: ਕੁੰਦੇ ਬਣਾਉਣ ਵਾਲੀ ਮਸ਼ੀਨਰੀ, ਚੇਨ-ਸਾਅ ਜਾਂ ਸਕਿਡਰ ਆਪਰੇਟਰ; ਮਾਵੇ ਦਾ ਕੰਟਰੋਲ; ਕਾਗਜ਼ ਬਣਾਉਣਾ ਜਾਂ ਕੋਟਿੰਗ ਕੰਟਰੋਲ (ਪਰਤ ਨਿਯੰਤਰਣ) ਆਪਰੇਟਰ
ਹੋਰ: ਕੁੰਦੇ ਬਣਾਉਣ ਅਤੇ ਜੰਗਲਾਤ ਦੇ ਸੁਪਰਵਾਇਜ਼ਰ ਅਤੇ ਮਜ਼ਦੂਰ; ਜੰਗਲੀ ਦਰਖਤਾਂ ਦੀ ਖੇਤੀਬਾੜੀ ਅਤੇ ਜੰਗਲਾਤ ਦੇ ਕਰਮਚਾਰੀ, ਇਮਾਰਤੀ ਲਕੜੀ ਅਤੇ ਲਕੜੀ ਦੇ ਇੰਸਪੈਕਟਰ ਅਤੇ ਗਰੇਡਰ; ਲਕੜੀ, ਮਾਵੇ ਅਤੇ ਕਾਗਜ਼ ਦੀ ਪ੍ਰਕਿਰਿਆ ਵਿੱਚ ਮਜ਼ਦੂਰ।
ਮੁਹਾਰਤਾਂ ਅਤੇ ਸਿਖਲਾਈ
ਜੰਗਲਾਤ ਪੇਸ਼ੇਵਰਾਂ ਨੂੰ ਯੂਨੀਵਰਸਿਟੀ ਡਿਗਰੀ ਦੀ, ਅਤੇ ਜੰਗਲਾਤ ਦੇ ਟੈਕਨੀਸ਼ੀਅਨਾਂ ਅਤੇ ਟੈਕਨੌਲੋਜਿਸਟਾਂ ਨੂੰ ਕਾਲਜ ਡਿਪਲੋਮੇ ਦੀ ਲੋੜ ਹੁੰਦੀ ਹੈ। ਕਈ ਦਾਖਲੇ ਪੱਧਰ ਦੀਆਂ ਨੌਕਰੀਆਂ ਲਈ ਹਾਈ ਸਕੂਲ ਸਿੱਖਿਆ ਦੀ ਲੋੜ ਹੁੰਦੀ ਹੈ; ਅਗਲੇਰੀ ਸਿਖਲਾਈ ਕੰਮ ਕਰਦੇ ਹੋਏ ਹੀ ਲਈ ਜਾ ਸਕਦੀ ਹੈ।
ਵਾਤਾਵਰਣ, ਜੀਵ-ਵਿਗਿਆਨ, ਜੰਗਲਾਤ, ਇੰਜਨੀਅਰਿੰਗ ਅਤੇ ਕੰਪਿਊਟਿੰਗ ਨੂੰ ਸ਼ਾਮਲ ਕਰਨ ਵਾਲੇ ਪ੍ਰੋਗਰਾਮ ਦੇਸ਼ ਭਰ ਵਿੱਚ ਯੂਨੀਵਰਸਿਟੀਆਂ ਅਤੇ ਕਮਿਉਨਿਟੀ ਕਾਲਜਾਂ ਵਿੱਚ ਪੇਸ਼ ਕੀਤੇ ਜਾਂਦੇ ਹਨ।
ਕੁਝ ਪੇਸ਼ਿਆਂ ਲਈ ਪੇਸ਼ੇਵਰ ਇੰਜਨੀਅਰ, ਟੈਕਨੀਸ਼ੀਅਨ (technician), ਜਾਂ ਟੈਕਨੌਲੋਜਿਸਟ ਦੇ ਤੌਰ 'ਤੇ ਪ੍ਰਮਾਣੀਕਰਨ ਦੀ ਲੋੜ ਹੁੰਦੀ ਹੈ ਜਾਂ ਸਿਫਾਰਸ਼ ਕੀਤੀ ਜਾਂਦੀ ਹੈ। ਕਈ ਪੇਸ਼ਿਆਂ ਲਈ ਅਪ੍ਰੈਂਟਿਸਸ਼ਿਪਾਂ ਉਪਲਬਧ ਹਨ।