ਸਥਾਪਨਾ, ਰੱਖ-ਰਖਾਵ ਅਤੇ ਮੁਰੰਮਤ
ਸਥਾਪਨਾ, ਰੱਖ-ਰਖਾਵ ਅਤੇ ਮੁਰੰਮਤ ਖੇਤਰ ਉਹਨਾਂ ਕੰਪਨੀਆਂ ਤੋਂ ਮਿਲਕੇ ਬਣਦਾ ਹੈ ਜੋ ਉਪਕਰਨਾਂ ਅਤੇ ਇਲੈਕਟ੍ਰੋਨਿਕ ਉਤਪਾਦਾਂ ਦਾ ਨਿਰਮਾਣ ਕਰਦੀਆਂ ਹਨ, ਇਹਨਾਂ ਦੀ ਪ੍ਰਚੂਨ ਵਿਕਰੀ ਕਰਦੀਆਂ ਹਨ, ਇਹਨਾਂ ਨੂੰ ਸਥਾਪਤ ਕਰਦੀਆਂ ਹਨ, ਅਤੇ ਇਹਨਾਂ ਦੀ ਮੁਰੰਮਤ ਕਰਦੀਆਂ ਹਨ ਅਤੇ ਇਹਨਾਂ ਨਾਲ ਸੰਬੰਧਿਤ ਪੁਰਜ਼ੇ ਅਤੇ ਵਧੀਕ ਵਰੰਟੀ ਉਤਪਾਦ ਉਪਭੋਗਤਾਵਾਂ ਨੂੰ ਵੇਚਦੀਆਂ ਹਨ।
ਇਹ ਖੇਤਰ ਕੈਨੇਡਾ ਦੀ ਅਰਥ-ਵਿਵਸਥਾ ਦਾ ਇੱਕ ਮਹੱਤਵਪੂਰਨ ਖੰਡ ਹੈ। ਇਹ ਹਜ਼ਾਰਾਂ ਤਕਨੀਸ਼ੀਅਨਾਂ, ਪੁਰਜ਼ਿਆਂ ਦਾ ਕੰਮ ਕਰਨ ਵਾਲੇ ਕਰਮਚਾਰੀਆਂ, ਮੈਨੇਜਰਾਂ ਅਤੇ ਹੋਰ ਸਹਾਇਤਾ ਅਮਲੇ ਨੂੰ ਨੌਕਰੀ ਦਿੰਦਾ ਹੈ।
ਰੋਜ਼ਾਨਾ ਜੀਵਨ ਵਿੱਚ ਵਰਤੇ ਜਾਣ ਵਾਲੇ ਉਪਕਰਨਾਂ ਅਤੇ ਇਲੈਕਟ੍ਰੋਨਿਕ ਸਾਜੋ ਸਾਮਾਨ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਨਵੇਂ ਉਪਕਰਨਾਂ ਜਾਂ ਸਾਜੋ ਸਾਮਾਨ ਨੂੰ ਸਥਾਪਤ ਕਰਨ, ਸਹਿਜ ਕਾਰਜ ਵਾਸਤੇ ਉਹਨਾਂ ਦਾ ਰੱਖ-ਰਖਾਵ ਕਰਨ, ਅਤੇ ਜਦੋਂ ਇਹ ਖਰਾਬ ਹੋ ਜਾਂਦੇ ਹਨ ਜਾਂ ਟੁੱਟ ਭੱਜ ਜਾਂਦੇ ਹਨ ਤਾਂ ਇਹਨਾਂ ਨੂੰ ਠੀਕ ਕਰਨ ਵਾਸਤੇ ਸੇਵਾਵਾਂ ਦੀ ਹਮੇਸ਼ਾਂ ਲੋੜ ਪਵੇਗੀ।
ਸਥਾਪਨਾ, ਰੱਖ-ਰਖਾਵ ਅਤੇ ਮੁਰੰਮਤ ਵਿੱਚ ਕੰਮ ਕਰਨਾ
ਇਸ ਖੇਤਰ ਦੇ ਰੁਜ਼ਗਾਰਦਾਤਾਵਾਂ ਵਿੱਚ ਸ਼ਾਮਲ ਹਨ ਨਿਰਮਾਣ ਕਰਤਾ, ਆਯਾਤਕ, ਡਿਸਟ੍ਰੀਬਿਊਟਰ, ਅਤੇ ਵੱਡੇ ਪ੍ਰਚੂਨ ਵਿਕਰੇਤਾ ਜਿਨ੍ਹਾਂ ਦੀ ਅਜਿਹੇ ਉਪਭੋਗਤਾ ਇਲੈਕਟ੍ਰੋਨਿਕ ਅਤੇ ਵੱਡੇ ਉਪਕਰਨ ਉਤਪਾਦਾਂ ਵਾਸਤੇ ਕੌਮੀ ਸਰਿਵਸ ਦੀ ਜਿੰਮੇਵਾਰੀ ਹੈ ਜਿਨ੍ਹਾਂ ਦਾ ਉਹ ਨਿਰਮਾਣ ਕਰਦੇ ਹਨ, ਆਯਾਤ ਕਰਦੇ ਹਨ ਜਾਂ ਵਿਕਰੀ ਕਰਦੇ ਹਨ।
ਇਸ ਖੇਤਰ ਦੇ ਜ਼ਿਆਦਾਤਰ ਰੁਜ਼ਗਾਰਦਾਤਾ ਲੰਬੇ ਸਮੇਂ ਤੋਂ ਸਥਾਪਤ ਛੋਟੇ ਤੋਂ ਔਸਤ ਆਕਾਰ ਦੇ ਕਾਰੋਬਾਰ ਹਨ। ਇਹ ਕਾਰੋਬਾਰ ਮੁੱਖ ਤੌਰ ‘ਤੇ ਸੁਤੰਤਰ ਸੇਵਾ ਕੇਂਦਰ ਜਾਂ ਅਖਤਿਆਰ ਪ੍ਰਾਪਤ ਸੇਵਾ ਕੇਂਦਰ ਹਨ ਜਿਨ੍ਹਾਂ ਦੇ ਨਿਰਮਾਣ ਕਰਤਾਵਾਂ, ਪ੍ਰਚੂਨ ਵਿਕਰੇਤਾਵਾਂ ਅਤੇ/ਜਾਂ ਵਰੰਟੀ ਦੇਣ ਵਾਲੀਆਂ ਕੰਪਨੀਆਂ ਦੇ ਨਾਲ ਸਰਵਿਸ ਦੇ ਠੇਕੇ ਕੀਤੇ ਹੋਏ ਹਨ।
ਇਸ ਖੇਤਰ ਵਿੱਚ ਕੰਮ ਕਰਨਾ ਮੁਕਾਬਲੇਦਾਰ ਤਨਖਾਹਾਂ ਦਿੰਦਾ ਹੈ।
ਮੁੱਖ ਕਿੱਤੇ ਇਹ ਹਨ:
- ਉਪਕਰਨ ਦੀ ਸਰਵਿਸ ਕਰਨ ਵਾਲੇ ਤਕਨੀਸ਼ੀਅਨ: ਇਹ ਘਰੇਲੂ ਬਿਜਲੀ ਉਪਕਰਨਾਂ (ਉਦਾਹਰਨ ਲਈ ਓਵਨ, ਡਿਸ਼ਵਾਸ਼ਰਾਂ, ਫਰਿੱਜਾਂ) ਅਤੇ ਛੋਟੇ ਉਪਕਰਨਾਂ, ਘਰੇਲੂ ਗੈਸ ਉਪਕਰਨਾਂ ਅਤੇ ਵਪਾਰਕ ਉਪਕਰਨਾਂ ਦੀ ਸਰਵਿਸ ਅਤੇ ਮੁਰੰਮਤ ਕਰਦੇ ਹਨ। ਇਹਨਾਂ ਨੂੰ ਮੁਰੰਮਤ ਵਾਲੀਆਂ ਦੁਕਾਨਾਂ, ਉਪਕਰਨ ਸਰਵਿਸ ਕੰਪਨੀਆਂ ਅਤੇ ਪ੍ਰਚੂਨ ਅਤੇ ਥੋਕ ਸਥਾਪਨਾਵਾਂ ਦੇ ਮੁਰੰਮਤਾਂ ਦੇ ਵਿਭਾਗ ਵੱਲੋਂ ਨੌਕਰੀ 'ਤੇ ਰੱਖਿਆ ਜਾ ਸਕਦਾ ਹੈ।
- ਇਲੈਕਟਰਾਨਿਕ ਸਰਵਿਸ ਤਕਨੀਸ਼ੀਅਨ: ਇਹ ਘਰੇਲੂ ਅਤੇ ਕਾਰੋਬਾਰੀ ਇਲੈਕਟ੍ਰੋਨਿਕ ਸਾਜੋ ਸਾਮਾਨ ਜਿਵੇਂ ਕਿ ਆਡੀਓ ਅਤੇ ਵੀਡੀਓ ਪ੍ਰਣਾਲੀਆਂ, ਕੰਪਿਊਟਰਾਂ ਅਤੇ ਇਹਨਾਂ ਨਾਲ ਜੁੜਨ ਵਾਲੀਆਂ ਹੋਰ ਚੀਜ਼ਾਂ ਦੀ ਸਰਵਿਸ ਅਤੇ ਮੁਰੰਮਤ ਕਰਦੇ ਹਨ। ਇਹਨਾਂ ਨੂੰ ਇਲੈਕਟ੍ਰੋਨਿਕ ਸਰਵਿਸ ਅਤੇ ਪ੍ਰਚੂਨ ਸਥਾਪਨਾਵਾਂ, ਥੋਕ ਦੇ ਡਿਸਟ੍ਰੀਬਿਊਟਰਾਂ ਅਤੇ ਇਲੈਕਟ੍ਰੋਨਿਕ ਨਿਰਮਾਣ ਕੰਪਨੀਆਂ ਦੁਆਰਾ ਨੌਕਰੀ 'ਤੇ ਰੱਖਿਆ ਜਾ ਸਕਦਾ ਹੈ।
ਮੁਹਾਰਤਾਂ ਅਤੇ ਸਿਖਲਾਈ
ਬਹੁਤ ਸਾਰੇ ਭਾਈਚਾਰਕ ਕਾਲਜ ਅਤੇ ਨਿੱਜੀ ਸਿਖਲਾਈ ਸੰਸਥਾਵਾਂ ਅਜਿਹੀ ਸਿਖਲਾਈ ਦੀ ਪੇਸ਼ਕਸ਼ ਕਰਦੇ ਹਨ ਜੋ ਕਿਸੇ ਨੂੰ ਇਸ ਖੇਤਰ ਵਿੱਚ ਸ਼ੁਰੂਆਤੀ ਪੱਧਰ ਦੇ ਕੰਮ ਵਾਸਤੇ ਤਿਆਰ ਕਰਦੀ ਹੈ।
ਜ਼ਿਆਦਾਤਰ ਸੂਬਿਆਂ ਦੇ ਇਸ ਖੇਤਰ ਵਾਸਤੇ ਕਾਰਜ ਸਿਖਲਾਈ ਪ੍ਰੋਗਰਾਮ ਹਨ। ਬਹੁਤ ਸਾਰੇ ਨਿਰਮਾਣ ਕਰਤਾ ਵਿਸ਼ੇਸ਼ ਉਤਪਾਦਾਂ ਦੀ ਸਥਾਪਨਾ ਅਤੇ ਮੁਰੰਮਤ ਵਿੱਚ ਸਿਖਲਾਈ ਕਾਰਜ ਕਾਲਾਂ ਦੀ ਪੇਸ਼ਕਸ਼ ਕਰਦੇ ਹਨ। ਕੁਝ ਕੁ ਨੌਕਰੀਆਂ ਵਾਸਤੇ ਇੱਕ ਤਕਨੀਸ਼ੀਅਨ ਜਾਂ ਤਕਨਾਲੋਜਿਸਟ ਵਜੋਂ ਪ੍ਰਮਾਣਿਕਤਾ ਦੀ ਲੋੜ ਹੋ ਸਕਦੀ ਹੈ ਜਾਂ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ।